ਦੋਸਤੋ ਅਕਸਰ ਹੀ ਆਮ ਲੋਕ ਹਾਲਾਤਾਂ ਅੱਗੇ ਹਾਰ ਮੰਨ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਸੁਪਨੇ ਨਾਲ ਸਮਝੌਤਾ ਕਰ ਲੈਂਦੇ ਹਨ ਪਰ ਸੰਸਾਰ ਵਿੱਚ ਕੁੱਝ ਅਜਿਹੇ ਵਿਰਲੇ ਲੋਕ ਵੀ ਹੁੰਦੇ ਹਨ ਜੋ ਕਦੀ ਵੀ ਮਾੜੇ ਤੋਂ ਮਾੜੇ ਹਾਲਾਤਾਂ ਅੱਗੇ ਨਹੀਂ ਝੁੱਕਦੇ ਅਤੇ ਆਪਣੀ ਜ਼ਬਰਦਸਤ ਇੱਛਾ ਸ਼ਕਤੀ, ਮਜ਼ਬੂਤ ਇਰਾਦੇ ਅਤੇ ਕੜੀ ਮਿਹਨਤ ਨਾਲ ਆਪਣੀ ਜ਼ਿੰਦਗੀ ਦੀਆਂ ਤਮਾਮ ਮੁਸ਼ਕਿਲਾਂ ਨਾਲ ਲੜਦੇ ਹੋਏ ਆਪਣੇ ਸੁਪਨੇ ਪੂਰੇ ਕਰਦੇ ਹਨ ਅਜਿਹੇ ਹੀ ਵਿਰਲੇ ਲੋਕਾਂ ਵਿੱਚੋਂ ਇੱਕ ਨਾਂ ਹੈ ਵਿਲਮਾ ਰੁਡੋਲਫ, ਆਓ ਅੱਜ ਜਾਣਦੇ ਹਾਂ ਵਿਲਮਾ ਰੂਡੋਲਫ ਬਾਰੇ।
Wilma Rudolf ਦਾ ਜਨਮ ਅਮੇਰਿਕਾ ਵਿੱਚ 23 ਜੂਨ 1940 ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਂ Ed Rudolf ਅਤੇ ਮਾਂ ਦਾ ਨਾਂ Blanche ਸੀ। ਉਸ ਦੇ ਪਿਤਾ ਕੁਲੀ ਦਾ ਕੰਮ ਕਰਦੇ ਸਨ ਕਿਉਂਕਿ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਜ਼ਿਆਦਾ ਖਰਾਬ ਸੀ, ਇਸ ਲਈ ਉਸ ਦੀ ਮਾਂ ਵੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ। ਵਿਲਮਾ ਦਾ ਜਨਮ ਸਮੇਂ ਤੋਂ ਪਹਿਲਾਂ ਹੀ ਹੋ ਗਿਆ ਸੀ, ਇਸ ਕਾਰਣ ਉਹ ਬਹੁਤ ਕਮਜ਼ੋਰ ਪੈਦਾ ਹੋਈ ਸੀ ਤੇ ਅਕਸਰ ਹੀ ਬਿਮਾਰ ਰਹਿੰਦੀ ਸੀ। ਬਚਪਨ ਤੋਂ ਹੀ ਉਹ ਨਿਮੋਨੀਆ ਅਤੇ ਇਸਕਾਰਲੈਟ ਬੁਖਾਰ ਜਿਹੀ ਗੰਭੀਰ ਬਿਮਾਰੀ ਦੀ ਮਰੀਜ ਰਹੀ, ਇਹਨਾ ਬਿਮਾਰੀਆਂ ਨਾਲ ਲੜਦੇ ਹੋਏ ਕਿਸੇ ਤਰ੍ਹਾਂ ਉਹ ਚਾਰ ਸਾਲ ਦੀ ਹੋਈ ਹੀ ਸੀ ਕਿ ਉਸਨੂੰ ਪੋਲਿਓ ਹੋ ਗਿਆ। ਜਿਸ ਨਾਲ਼ ਉਸਦੇ ਇਕ ਪੈਰ ਦੀ ਤਾਕਤ ਚਲੀ ਗਈ ਤੇ ਉਸਨੂੰ ਚਲਣ ਲਈ calipers (ਇਕ ਬਣਾਵਟੀ ਪੈਰ ਦਾ ਢਾਂਚਾ) ਦਾ ਸਹਾਰਾ ਲੈਣਾ ਪੈਂਦਾ ਸੀ। ਉਸ ਸਮੇਂ ਅਮੇਰਿਕਾ ਵਿੱਚ ਨਸਲਭੇਦ ਆਪਣੀ ਚਰਮ ਸੀਮਾ ’ਤੇ ਸੀ ਅਤੇ ਕਾਲੇ ਲੋਕਾਂ ਲਈ ਹਸਪਤਾਲ ਬਹੁਤ ਘੱਟ ਸਨ। ਇਸ ਲਈ ਵਿਲਮਾ ਦੀ ਮਾਂ ਨੂੰ ਉਸਦਾ ਇਲਾਜ ਕਰਵਾਉਣ ਲਈ ਹਰ ਹਫਤੇ 80 km ਦੂਰ ਜਾਣਾ ਪੈਂਦਾ ਸੀ ਪਰ ਕਾਫੀ ਇਲਾਜ ਤੋਂ ਬਾਅਦ ਡਾਕਟਰਾਂ ਨੇ ਵੀ ਹਾਰ ਮੰਨ ਲਈ ਅਤੇ ਕਿਹਾ ਕਿ ਵਿਲਮਾ ਕਦੀ ਵੀ ਆਪਣੇ ਪੈਰਾਂ 'ਤੇ ਨਹੀਂ ਚਲ ਪਾਏਗੀ ਪਰ ਵਿਲਮਾ ਦੀ ਮਾਂ ਨੇ ਕਦੀ ਹਿੰਮਤ ਨਹੀਂ ਹਾਰੀ। ਉਹ ਇਕ ਬਹੁਤ positive ਔਰਤ ਸੀ, ਜਿਸਦਾ ਮਨੰਣਾ ਸੀ ਕਿ ਦੁਨੀਆਂ ਵਿੱਚ ਕੁੱਝ ਵੀ ਅਸੰਭਵ ਨਹੀਂ ਹੈ। ਉਹ ਹਮੇਸ਼ਾ ਵਿਲਮਾ ਨੂੰ ਪ੍ਰੇਰਿਤ ਕਰਦੀ ਸੀ ਅਤੇ ਕਹਿੰਦੀ ਸੀ ਕਿ ਤੂੰ ਆਪਣੇ ਪੈਰਾਂ 'ਤੇ ਜਰੂਰ ਚਲ ਪਾਏਂਗੀ। ਬੱਚਿਆਂ ਨੂੰ ਖੇਡਦੇ ਹੋਏ ਵੇਖ ਕੇ ਵਿਲਮਾ ਦਾ ਮਨ ਵੀ ਖੇਡਣ ਨੂੰ ਕਰਦਾ ਸੀ ਪਰ ਆਪਣੇ ਅਪਾਹਿਜ ਹੋਣ ਕਾਰਣ ਉਸਨੂੰ ਹਮੇਸ਼ਾ ਨਿਰਾਸ਼ਾ ਦਾ ਸਾਮ੍ਹਣਾ ਕਰਨਾ ਪੈਂਦਾ ਸੀ।
ਇਕ ਦਿਨ ਵਿਲਮਾ ਨੇ ਕਲਾਸ ਵਿੱਚ ਇੱਕ ਕਿਤਾਬ ਪੜ੍ਹੀ ਜੋ ਓਲੰਪਿਕ ਖੇਡਾਂ ਬਾਰੇ ਸੀ, ਉਸਨੇ ਟੀਚਰ ਤੋਂ ਓਲੰਪਿਕ ਰਿਕਾਰਡਸ ਬਾਰੇ ਪੁੱਛਿਆ। ਉਸ ਦੇ ਇਸ ਸਵਾਲ ਉੱਤੇ ਸਾਰੇ ਬੱਚੇ ਹੱਸਣ ਲੱਗ ਪਏ ਅਤੇ ਟੀਚਰ ਨੇ ਵੀ ਕਿਹਾ, “ਤੂੰ ਇਹ ਸਵਾਲ ਕਿਉਂ ਪੁੱਛ ਰਹੀ ਹੈਂ, ਇਹ ਸਵਾਲ ਤੇਰੇ ਕਿਸੇ ਕੰਮ ਦਾ ਨਹੀਂ, ਕਿਉਂਕਿ ਤੂੰ ਤਾਂ ਚੱਲ ਹੀ ਨਹੀਂ ਸਕਦੀ, ਫਿਰ ਅਜਿਹਾ ਸਵਾਲ ਕਿਉਂ ਪੁੱਛਿਆ?”
ਇਹ ਸੁਣ ਕੇ ਵਿਲਮਾਂ ਦੀਆਂ ਅੱਖਾਂ ਭਰ ਆਈਆਂ ਅਗਲੇ ਦਿਨ ਜਦੋਂ ਖੇਡ ਦਾ ਪੀਰੀਅਡ ਸੀ ਤਾਂ ਵਿਲਮਾਂ ਨੂੰ ਇੱਕ ਪਾਸੇ ਬਿਠਾ ਦਿੱਤਾ ਗਿਆ ਅਤੇ ਬਾਕੀ ਬੱਚੇ ਖੇਡਣ ਲੱਗ ਪਏ। ਉਸੇ ਸਮੇਂ ਵਿਲਮਾਂ ਨੇ ਸੋਚਿਆ ਮੇਰੀ ਮਾਂ ਠੀਕ ਹੀ ਤਾਂ ਕਹਿੰਦੀ ਹੈ ਜੇ ਮਨ ਵਿੱਚ ਇੱਛਾ ਸ਼ਕਤੀ ਹੋਵੇ ਤਾਂ ਕੋਈ ਵੀ ਚੀਜ਼ ਨਾਮੁਮਕਿਨ ਨਹੀਂ, ਮੈਂ ਵੀ ਚਲਾਂਗੀ ਅਤੇ ਚਲਾਂਗੀ ਹੀ ਨਹੀਂ ਬਲਕਿ ਦੌੜਾਂਗੀ ਅਤੇ ਓਲੰਪਿਕ ਖੇਡਾਂ ਵਿੱਚ ਭਾਗ ਲਵਾਂਗੀ ਅਤੇ ਸੰਸਾਰ ਦੀ ਸਭ ਤੋਂ ਤੇਜ਼ ਦੌੜਨ ਵਾਲੀ runner ਬਣਾਂਗੀ। ਇਹ ਕਹਿ ਕੇ ਉਸਨੇ ਆਪਣੇ ਪੈਰ ਵਿੱਚ ਪਾਇਆ clipers ਇੱਕ ਪਾਸੇ ਸੁੱਟ ਦਿੱਤਾ ਅਤੇ ਉਸੇ ਦਿਨ ਤੋਂ ਹੀ ਆਪਣੇ ਪੈਰਾਂ ਉੱਪਰ ਪੂਰੀ ਸ਼ਕਤੀ ਲਗਾ ਕੇ ਖੜ੍ਹਾ ਹੋਣ ਦੀ ਕੋਸ਼ਿਸ਼ ਕਰਨ ਲੱਗ ਪਈ। ਸ਼ੁਰੂ ਸ਼ੁਰੂ ਵਿੱਚ ਉਸ ਨੂੰ ਬਹੁਤ ਤਕਲੀਫ ਹੁੰਦੀ ਸੀ ਅਤੇ ਕਈ ਵਾਰ ਤਾਂ ਡਿੱਗ ਕੇ ਉਹ ਜ਼ਖਮੀ ਵੀ ਹੋਈ ਪਰ ਉਸ ਦੇ ਮਨ ਵਿੱਚ ਸੱਚੀ ਲਗਨ ਸੀ ਅਤੇ ਉਸਦੇ ਇਰਾਦੇ ਬਹੁਤ ਮਜ਼ਬੂਤ ਸਨ। ਹੌਲੀ ਹੌਲੀ ਉਹ ਆਪਣੇ ਪੈਰਾਂ ਉੱਪਰ ਖੜ੍ਹਾ ਹੋਣ ਲੱਗ ਪਈ ਅਤੇ ਉੱਚੀ ਅੱਡੀ ਵਾਲੇ ਬੂਟ ਪਾ ਕੇ ਖੇਡਣ ਵੀ ਲੱਗ ਪਈ। ਵਿਲਮਾ ਦਾ ਇਲਾਜ ਕਰ ਰਹੇ ਡਾਕਟਰ K Embey ਨੇ ਕਿਹਾ ਸੀ ਕਿ ਉਹ ਬਿਨਾਂ clipers ਕਦੀ ਵੀ ਚੱਲ ਨਹੀਂ ਪਾਵੇਗੀ ਪਰ ਜਦੋਂ ਉਸਨੇ ਵਿਲਮਾਂ ਨੂੰ ਬਿਨਾਂ clipers ਤੋਂ ਖੇਡਦੇ ਹੋਏ ਵੇਖਿਆ ਤਾਂ ਉਹ ਉਸ ਦੇ ਜਜ਼ਬੇ ਨੂੰ ਵੇਖ ਕੇ ਹੈਰਾਨ ਰਹਿ ਗਿਆ, ਉਸ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਉਸਨੇ ਕਿਹਾ, “ਬੇਟੀ! ਮੈਂ ਗਲਤ ਸੀ, ਤੂੰ ਕੁੱਝ ਵੀ ਕਰ ਸਕਦੀ ਹੈਂ”।
ਮਾਂ ਦੀ ਪ੍ਰੇਰਨਾ, ਆਪਣੀ ਲਗਨ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਵਿਲਮਾਂ ਨੇ ਪਹਿਲੀ ਵਾਰ ਗਿਆਰਾਂ ਸਾਲ ਦੀ ਉਮਰ ਵਿੱਚ ਬਾਸਕੇਟਬਾਲ ਖੇਡੀ।ਹੁਣ ਵਿਲਮਾਂ ਲੰਮੇ ਸਮੇਂ ਤੱਕ ਪ੍ਰੈਕਟਿਸ ਕਰਦੀ ਰਹਿੰਦੀ ਸੀ ਅਤੇ 1953 ਵਿੱਚ ਉਸ ਨੇ ਪਹਿਲੀ ਵਾਰ ਆਪਣੇ ਸਕੂਲ ਦੀ ਰੇਸ ਵਿੱਚ ਭਾਗ ਲਿਆ। ਇਸ ਰੇਸ ਵਿੱਚ ਵਿਲਮਾ ਸਭ ਤੋਂ ਅਖੀਰਲੀ ਥਾਂ 'ਤੇ ਰਹੀ ਅਤੇ ਉਸ ਦਾ ਫਰਕ ਵੀ ਬਾਕੀ ਖਿਡਾਰੀਆਂ ਨਾਲੋਂ ਬਹੁਤ ਜ਼ਿਆਦਾ ਰਿਹਾ ਪਰ ਇਸ ਨਾਲ ਵਿਲਮਾਂ ਨਿਰਾਸ਼ ਨਹੀਂ ਹੋਈ, ਉਸ ਨੇ ਆਪਣੀ ਪ੍ਰੈਕਟਿਸ ਜਾਰੀ ਰੱਖੀ। ਸਕੂਲ ਵਿੱਚ ਲਗਾਤਾਰ ਅੱਠ ਹਾਰਾਂ ਤੋਂ ਬਾਅਦ ਆਖਰ ਉਸ ਨੇ ਨੌਵੀਂ ਵਾਰ ਜਿੱਤ ਹਾਸਲ ਕਰ ਲਈ।
ਪੰਦਰਾਂ ਸਾਲ ਦੀ ਉਮਰ ਵਿੱਚ ਵਿਲਮਾ ਟੇਨਿਸੀ ਸਟੇਟ ਯੂਨੀਵਰਸਿਟੀ ਗਈ, ਜਿੱਥੇ ਉਸ ਦੀ ਮੁਲਾਕਾਤ ਮਸ਼ਹੂਰ ਕੋਚ ਏਡ ਟੈਂਪਲ ਨਾਲ ਹੋਈ।ਵਿਲਮਾ ਨੇ ਟੈਂਪਲ ਨੂੰ ਕਿਹਾ, “ਮੈਂ ਦੁਨੀਆ ਦੀ ਸਭ ਤੋਂ ਤੇਜ਼ ਦੌੜਨ ਵਾਲੀ ਰਨਰ ਬਣਨਾ ਚਾਹੁੰਦੀ ਹਾਂ”।
ਉਸ ਦੇ ਜਨੂੰਨ ਨੂੰ ਵੇਖ ਕੇ ਟੈਂਪਲ ਨੇ ਕਿਹਾ, “ਤੈਨੂੰ ਦੁਨੀਆਂ ਦੀ ਸਭ ਤੋਂ ਤੇਜ਼ ਦੌੜਨ ਵਾਲੀ ਰਨਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ, ਇਸ ਵਿੱਚ ਮੈਂ ਤੇਰੀ ਪੂਰੀ ਮਦਦ ਕਰਾਂਗਾ।”
ਉਸ ਤੋਂ ਬਾਅਦ ਟੈਂਪਲ ਨੇ ਉਸ ਨੂੰ ਬਹੁਤ ਸਖ਼ਤ ਟ੍ਰੇਨਿੰਗ ਦਿੱਤੀ ਤੇ ਵਿਲਮਾ ਨੇ ਆਪਣੇ ਦੇਸ਼ ਵਿੱਚ ਬਹੁਤ ਸਾਰੀਆਂ ਦੌੜਾਂ ਜਿੱਤੀਆਂ। ਆਖਰ 1960 ਵਿੱਚ ਰੋਮ ਵਿੱਚ ਹੋ ਰਹੇ ਓਲੰਪਿਕ ਵਿੱਚ ਉਸ ਨੂੰ ਆਪਣੇ ਦੇਸ਼ ਵੱਲੋਂ ਖੇਡਣ ਦਾ ਮੌਕਾ ਦਿੱਤਾ ਗਿਆ। ਇੱਥੇ ਵਿਲਮਾ ਦਾ ਮੁਕਾਬਲਾ ਜੁਟਾ ਹੇਨ (Jutta Hen) ਨਾਲ ਸੀ, ਜਿਸਨੂੰ ਅੱਜ ਤਕ ਕੋਈ ਵੀ ਹਰਾ ਨਹੀਂ ਸੀ ਸਕਿਆ। ਪਹਿਲੀ ਦੌੜ 100 ਮੀਟਰ ਦੀ ਸੀ ਜਿਸ ਵਿੱਚ ਵਿਲਮਾ ਨੇ ਜੁਟਾ ਨੂੰ ਹਰਾ ਕੇ ਪਹਿਲਾ ਗੋਲਡ ਮੈਡਲ ਜਿੱਤਿਆ। ਦੂਜੀ ਦੌੜ 200 ਮੀਟਰ ਦੀ ਸੀ ਇਸ ਵਿੱਚ ਵੀ ਵਿਲਮਾ ਨੇ ਜੁਟਾ ਨੂੰ ਦੂਜੀ ਵਾਰ ਹਰਾਇਆ ਅਤੇ ਦੂਜਾ ਗੋਲਡ ਮੈਡਲ ਜਿੱਤਿਆ।ਤੀਜੀ ਦੌੜ ਚਾਰ ਸੌ ਮੀਟਰ ਦੀ ਰਿਲੇ ਦੌੜ ਸੀ ਅਤੇ ਵਿਲਮਾ ਦਾ ਮੁਕਾਬਲਾ ਇੱਕ ਵਾਰ ਫਿਰ ਜੁਟਾ ਨਾਲ ਹੀ ਸੀ, ਰਿਲੇ ਰੇਸ ਦਾ ਆਖਰੀ ਹਿੱਸਾ ਟੀਮ ਦਾ ਸਭ ਤੋਂ ਤੇਜ਼ ਅਥਲੀਟ ਹੀ ਦੌੜਦਾ ਹੈ, ਵਿਲਮਾਂ ਦੀ ਟੀਮ ਵਿੱਚ ਤਿੰਨ ਲੋਕ ਰਿਲੇ ਰੇਸ ਦੇ ਮੁੱਢਲੇ ਹਿੱਸੇ ਵਿੱਚ ਦੌੜੇ, ਉਸ ਦੀ ਟੀਮ ਵਿੱਚ ਲਾਸਟ ਖਿਡਾਰੀ ਵਿਲਮਾਂ ਹੀ ਸੀ ਅਤੇ ਵਿਰੋਧੀ ਟੀਮ ਵਿੱਚ ਫਿਰ ਜੁਟਾ ਲਾਸਟ ਖਿਡਾਰੀ ਸੀ ਜਦੋਂ ਵਿਲਮਾ ਦੀ ਵਾਰੀ ਦੌੜਨ ਦੀ ਆਈ ਤਾਂ ਉਸ ਦੇ ਹੱਥ ਤੋਂ ਬੈਟਨ ਡਿੱਗ ਪਈ ਅਤੇ ਇਸੇ ਦੌਰਾਨ ਜੁਟਾ ਉਸ ਤੋਂ ਅੱਗੇ ਨਿਕਲ ਗਈ ਪਰ ਵਿਲਮਾ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਜਲਦੀ ਹੀ ਬੈਟਨ ਚੁੱਕ ਕੇ ਮਸ਼ੀਨ ਦੀ ਤਰ੍ਹਾਂ ਦੌੜੀ ਅਤੇ ਇੱਥੇ ਵੀ ਜੁਟਾ ਨੂੰ ਹਰਾ ਦਿੱਤਾ। ਇਸ ਤਰ੍ਹਾਂ ਇੱਕ ਅਪਾਹਿਜ ਕੁੜੀ 1960 ਵਿੱਚ ਸਭ ਤੋਂ ਤੇਜ਼ ਰਨਰ ਬਣੀ ਅਤੇ ਓਲੰਪਿਕ ਵਿੱਚ ਤਿੰਨ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚਿਆ।
ਵਿਲਮਾ ਰੂਡੋਲਫ ਦੀ ਸੰਘਰਸ਼ਮਈ ਜੀਵਨ ਗਾਥਾ ਸਾਨੂੰ ਪ੍ਰੇਰਣਾ ਦਿੰਦੀ ਹੈ ਕਿ ਹਾਲਾਤ ਭਾਵੇਂ ਕਿੰਨੇ ਵੀ ਬਦ ਤੋਂ ਬਦਤਰ ਹੋਣ ਪਰ ਜੇ ਸਾਡੇ ਅੰਦਰ ਸੱਚੀ ਲਗਨ, ਹਿੰਮਤ, ਜਜ਼ਬਾ, ਹੌਂਸਲਾ, ਬਲਦੀ ਇੱਛਾ (zeal) ਹੈ ਤੇ ਕੜੀ ਮਿਹਨਤ ਕਰਨ ਦਾ ਮਾਦਾ ਹੈ ਤਾਂ ਕੋਈ ਵੀ ਮੰਜ਼ਿਲ ਅਸੰਭਵ ਨਹੀਂ ਹੁੰਦੀ