Latest

ਸਮੂਹਿਕ ਫੈਸਲਾ | Collective Decision


4/18/2019 | by : P K sharma | 👁624


thumbnail18-04-2019 09-22-28 AMcollective decision.jpg

ਇੱਕ ਵਾਰ ਕਿਸੇ ਕੰਪਨੀ ਦਾ ਮਾਲਕ business ਦੇ ਸਿਲਸਿਲੇ ਵਿੱਚ ਕਿਸੇ ਸ਼ਹਿਰ ਵਿੱਚ ਗਿਆ। ਵਪਾਰ ਸੰਬੰਧੀ ਮੀਟਿੰਗ ਤੇ ਬਾਕੀ ਕੰਮ ਕਾਰ ਨਿਪਟਾਉਣ ਤੋਂ ਬਾਅਦ ਉਸਨੇ ਉੱਥੋਂ ਦੇ ਕਰਮਚਾਰੀਆਂ ਤੋਂ ਰੁਕਣ ਲਈ ਕਿਸੇ ਵਧੀਆ ਹੋਟਲ ਦਾ ਪਤਾ ਪੁੱਛਿਆ ਤਾਂ ਸਭ ਨੇ ਇੱਕ ਹੀ ਹੋਟਲ ਦਾ ਨਾਂ ਲਿਆ ਜੋ ਗ੍ਰਾਹਕਾਂ ਦੀ ਸੇਵਾ ਅਤੇ ਵਧੀਆ ਸਰਵਿਸ ਲਈ ਬਹੁਤ ਮਸ਼ਹੂਰ ਸੀ। ਇਸ ਬਾਰੇ ਹੋਰ ਪੁੱਛਣ 'ਤੇ ਉਹਨਾਂ ਕਿਹਾ ਕਿ ਤੁਸੀਂ ਇੱਕ ਵਾਰ ਉਸ ਹੋਟਲ ਵਿੱਚ ਸਮਾਂ ਗੁਜਾਰੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਕਿਉਂ ਉਹ ਹੋਟਲ ਬਾਕੀ ਸਭ ਤੋਂ ਵੱਖਰਾ ਹੈ। ਇਹ ਸੁਣ ਕੇ ਕੰਪਨੀ ਮਾਲਕ ਦੇ ਮਨ ਵਿੱਚ ਉਸ ਹੋਟਲ ਨੂੰ ਵੇਖਣ ਦੀ ਇੱਛਾ ਜਾਗ ਗਈ।

          ਹੋਟਲ ਪਹੁੰਚਣ ਤੇ ਉਸਦਾ ਨਿੱਘਾ ਸਵਾਗਤ ਕੀਤਾ ਗਿਆ। ਕੰਪਨੀ ਮਾਲਕ ਇਹ ਵੇਖ ਕੇ ਬਹੁਕ ਪ੍ਰਭਾਵਿਤ ਹੋਇਆ ਕਿ ਹੋਟਲ ਦਾ ਹਰੇਕ ਕਰਮਚਾਰੀ ਬਹੁਤ ਅਪਣੇਪਨ ਨਾਲ ਉਸਨੂੰ ਮਿਲ ਰਿਹਾ ਸੀ। ਉੱਥੇ ਇਕ ਅਜੀਬ ਜਿਹੀ ਖਿੱਚ ਮਹਸ਼ੂਸ ਹੋ ਰਹੀ ਸੀ। ਸ਼ਾਮ ਨੂੰ ਕੰਪਨੀ ਮਾਲਕ ਜਦੋਂ ਆਪਣੀ ਬਾਲਕਨੀ ਵਿੱਚ ਖੜ੍ਹਾ ਸੀ ਤਾਂ ਉਸਨੇ ਵੇਖਿਆ ਕਿ ਇੱਕ ਕਰਮਚਾਰੀ ਮੁੱਖ ਹਾਲ ਦੇ ਸ਼ੀਸ਼ੇ ਸਾਫ ਕਰ ਰਿਹਾ ਸੀ ਤਾਂ ਸ਼ੀਸ਼ੇ ਸਾਫ ਕਰ ਰਹੇ ਕਰਮਚਾਰੀ ਨੇ ਬਾਹਰ ਬਗੀਚੇ ਵਿੱਚ ਇੱਕ ਪਰਿਵਾਰ ਨੂੰ ਘੁੰਮਦੇ ਹੋਏ ਵੇਖਿਆ, ਉਹਨਾਂ ਨਾਲ ਇੱਕ ਬਜ਼ੁਰਗ ਔਰਤ ਵੀ ਸੀ ਜਿਸਨੂੰ ਚੱਲਣ ਵਿੱਚ ਥੋੜ੍ਹੀ ਮੁਸ਼ਕਿਲ ਹੋ ਰਹੀ ਸੀ। ਉਸ ਕਰਮਚਾਰੀ ਨੇ ਆਪਣਾ ਕੰਮ ਛੱਡ ਦਿੱਤਾ ਤੇ ਉਸ ਬਜ਼ੁਰਗ ਔਰਤ ਨੂੰ ਸਹਾਰਾ ਦੇਣ ਲਈ ਬਗੀਚੇ ਵਿੱਚ ਪਹੁੰਚ ਗਿਆ ਉਸਨੇ ਉਸ ਔਰਤ ਦੀ ਪੂਰੀ ਮਦਦ ਕੀਤੀ ਤੇ ਉਸਨੂੰ ਆਪਣੇ ਕਮਰੇ ਤਕ ਛੱਡਣ ਤੋਂ ਬਾਅਦ ਫਿਰ ਆ ਕੇ ਸ਼ੀਸ਼ੇ ਸਾਫ ਕਰਨ ਲੱਗ ਗਿਆ। ਇਹ ਵੇਖ ਕੇ ਕੰਪਨੀ ਮਾਲਕ ਨੂੰ ਬਹੁਤ ਖੁਸ਼ੀ ਹੋਈ ਤੇ ਉਹ ਉਸ ਕਰਮਚਾਰੀ ਤੋਂ ਬਹੁਤ ਪ੍ਰਭਾਵਿਤ ਵੀ ਹੋਇਆ। ਰਾਤ ਵੇਲੇ ਉਸਨੇ ਖਾਣੇ ਦਾ ਆੱਰਡਰ ਦਿੱਤਾ ਤਾਂ ਵੇਟਰ ਖਾਣਾ ਨਿਸ਼ਚਿਤ ਸਮੇਂ ਤੋਂ 10 ਮਿੰਟ ਲੇਟ ਲੈ ਕੇ ਆਇਆ। ਆਉਣ ਸਾਰ ਹੀ ਉਸਨੇ ਲੇਟ ਹੋਣ ਲਈ ਮਾਫੀ ਮੰਗੀ। ਲੇਟ ਹੋਣ ਦਾ ਕਾਰਣ ਪੁੱਛਣ ਤੇ ਵੇਟਰ ਨੇ ਕਿਹਾ,"ਦਰਅਸਲ ਜਦੋਂ ਮੈਂ ਆਪ ਜੀ ਦਾ ਆੱਰਡਰ ਲੈ ਕੇ ਆ ਰਿਹਾ ਸੀ ਤਾਂ ਮੈਂ ਰਸਤੇ ਵਿੱਚ ਮਹਿਸੂਸ ਕੀਤਾ ਕਿ ਕੱਪ ਕੇਕ ਦਾ ਸਾਇਜ਼ ਥੋੜਾ ਜਿਹਾ ਵੱਖ ਸੀ, ਇਹ ਉਸ ਸ਼ੇਪ ਵਿੱਚ ਨਹੀਂ ਸੀ, ਜਿਵੇਂ ਅਸੀਂ ਗ੍ਰਾਹਕ ਨੂੰ ਸਰਵ ਕਰਦੇ ਹਾਂ ਇਸ ਲਈ ਮੈਂ ਵਾਪਿਸ ਚਲਾ ਗਿਆ ਤੇ ਨਵਾਂ ਕੱਪ ਕੇਕ ਬਣਾ ਕੇ ਲਿਆਇਆ ਹਾਂ।" ਕੰਪਨੀ ਮਾਲਕ ਨੇ ਕਿਹਾ, “ਕੋਈ ਗੱਲ ਨਹੀਂ ਤੁਹਨੂੰ ਮਾਫੀ ਮੰਗਣ ਦੀ ਜ਼ਰੂਰਤ ਨਹੀਂ ਹੈ।“

          ਅਗਲੀ ਸਵੇਰ ਹੋਟਲ ਦਾ ਮੈਨੇਜਰ ਉਸਦੇ ਕਮਰੇ ਦੇ ਅੱਗੇ ਖੜਾ ਸੀ ਜਿਵੇਂ ਹੀ ਕੰਪਨੀ ਮਾਲਕ ਨੇ ਦਰਵਾਜਾ ਖੋਲਿਆ ਤਾਂ ਮੈਨੇਜਰ ਨੇ ਬੜੇ ਅਦਬ ਨਾਲ ਰਾਤ ਖਾਣਾ 10 ਮਿੰਟ ਲੇਟ ਪਹੁੰਚਣ ਲਈ ਮਾਫੀ ਮੰਗੀ ਤੇ ਆਪਣੇ ਵਲੋਂ ਸਵੇਰ ਦਾ ਨਾਸ਼ਤਾ ਜਾਂ ਦੁਪਹਿਰ ਦਾ ਲੰਚ ਮੁਫਤ ਵਿਚ ਦੇਣ ਦੀ ਪੇਸ਼ਕਸ ਕੀਤੀ ਕਿਉਂਕਿ ਮੈਨੇਜਰ ਖਾਣਾ ਲੇਟ ਹੋਣ ਦੀ ਭਰਪਾਈ ਕਰਨਾ ਚਾਹੁੰਦਾ ਸੀ। ਕੰਪਨੀ ਮਾਲਕ ਨੇ ਕਿਹਾ, “ਪਰ ਖਾਣਾ ਲੇਟ ਆਉਣ ਦੀ ਮੈਂ ਤਾਂ ਕੋਈ ਸ਼ਿਕਾਇਤ ਨਹੀਂ ਕੀਤੀ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਰਾਤ ਖਾਣਾ 10 ਮਿੰਟ ਲੇਟ ਆਇਆ ਸੀ।”  ਮੈਨੇਜਰ ਨੇ ਜਵਾਬ ਦਿੱਤਾ, “ਜਿਸ ਕਰਮਚਾਰੀ ਨੇ ਖਾਣਾ ਲੇਟ ਪਹੁੰਚਾਇਆ ਸੀ ਮੈਨੂੰ ਉਸ ਨੇ ਹੀ ਇਸਦੀ ਸੂਚਨਾ ਦਿੱਤੀ ਹੈ ਕਿਉਂਕਿ ਸਾਡੇ ਹੋਟਲ ਵਿੱਚ ਜੇ ਕਿਸੇ ਕੋਲੋਂ ਗਲਤੀ ਹੋ ਜਾਂਦੀ ਹੈ ਤਾਂ ਉਹ ਆਪਣੇ ਆਪ ਹੀ ਦੱਸ ਦਿੰਦਾ ਹੈ।”  ਇਹ ਸੁਣ ਕੇ ਕੰਪਨੀ ਮਾਲਕ ਬਹੁਤ ਹੈਰਾਨ ਹੋਇਆ ਕਿਉਂਕਿ ਉਸਦੀ ਕੰਪਨੀ ਦੇ ਕਰਮਚਾਰੀ ਤਾਂ ਗਲਤੀ ਨੂੰ ਛੁਪਾ ਲੈਂਦੇ ਸੀ ਫੜੇ ਜਾਣ ਤੇ ਵੀ ਆਪਣੀ ਗਲਤੀ ਨਹੀਂ ਮੰਨਦੇ ਸੀ ਪਰ ਇਥੇ ਤਾਂ ਥੋੜੀ ਜਿਹੀ ਗਲਤੀ ਵੀ ਬੰਦਾ ਆਪ ਦੱਸਦਾ ਹੈ। ਕੰਪਨੀ ਮਾਲਕ ਨੇ ਹੋਟਲ ਮੈਨੇਜਰ ਨੂੰ ਪੁੱਛਿਆ, “ਇੱਥੇ ਗਲਤੀ ਕਰਨ ਵਾਲਾ ਆਪਣੀ ਗਲਤੀ ਆਪ ਕਿਵੇਂ ਮੰਨ ਲੈਂਦਾ ਹੈ? ਇਹ ਤਾਂ ਬਹੁਤ ਵੱਡੀ ਤੇ ਅਨੋਖੀ ਗੱਲ ਹੈ।” ਮੈਨੇਜਰ ਨੇ ਜਵਾਬ ਦਿੱਤਾ, “ਸਰ! ਇਹ ਸਾਡੇ ਹੋਟਲ ਦਾ ਰੂਲ ਹੈ।” ਕੰਪਨੀ ਮਾਲਕ ਨੇ ਕਿਹਾ, “ਅੱਛਾ! ਰੂਲ ਤਾਂ ਹਰ ਜਗ੍ਹਾ ਹੁੰਦੇ ਹਨ ਪਰ ਤੁਹਾਡੇ ਇੱਥੇ ਰੂਲ ਇੰਨੀ ਭਾਵਨਾ ਨਾਲ ਕਿੰਵੇਂ ਮੰਨੇ ਜਾਂਦੇ ਹਨ।”  ਇਸ ਤੇ ਮੈਨੇਜਰ ਮੁਸਕਰਾਇਆ ਤੇ ਕਿਹਾ, “ਸਰ, ਇੱਥੇ ਰੂਲ, ਸਿਧਾਂਤ, ਪਾੱਲਸੀਆਂ ਤੇ ਫੈਸਲੇ ਸਿਰਫ ਮੈਨੇਜਮੈਂਟ ਨਹੀਂ ਲੈਂਦੀ, ਹਰ ਫੈਸਲੇ ਤੇ ਸਿਧਾਂਤ ਨੂੰ ਸਾਰੇ ਕਰਮਚਾਰੀ ਮਿਲ ਕੇ ਬਣਾਉਂਦੇ ਹਨ ਤੇ ਮਿਲ ਕੇ ਹੀ ਲਾਗੂ ਕਰਦੇ ਹਨ, ਇਸ ਵਜ੍ਹਾ ਨਾਲ ਹੀ ਸਭ ਪੂਰੀ ਭਾਵਨਾ ਨਾਲ ਹਰ ਇੱਕ ਸਿਧਾਂਤ ਦਾ ਪਾਲਨ ਕਰਦੇ ਹਨ।”

          ਦੋਸਤੋ, ਇਹ ਘਟਨਾ ਉਸ ਸਿਧਾਂਤ ਨੂੰ ਪਰਿਭਾਸ਼ਿਤ ਕਰਦੀ ਹੈ ਜਿਸਨੂੰ ਅਕਸਰ ਹੀ ਅਣਗੋਲਿਆ ਜਾਂਦਾ ਹੈ। ਕਿਸੇ ਪਰਿਵਾਰ, ਸਮੂਹ, ਫੈਕਟਰੀ, ਕੰਪਨੀ ਜਾਂ ਅਦਾਰੇ ਵਿੱਚ ਰੂਲ ਸਿਰਫ ਕੁੱਝ ਲੋਕਾਂ ਵਲੋਂ ਜਾਂ Higher Authorties ਵਲੋਂ ਬਣਾ ਲਏ ਜਾਂਦੇ ਹਨ ਤੇ ਛਾਪ ਕੇ ਲਾਗੂ ਕਰਨ ਲਈ ਨਿਚਲੇ ਲੈਵਲ 'ਤੇ ਭੇਜ ਦਿੱਤੇ ਜਾਂਦੇ ਹਨ। ਇਹ ਇੱਕ ਉਸ ਸਿਲੇਬਸ ਦੀ ਤਰ੍ਹਾਂ ਹੁੰਦੇ ਹਨ ਜੋ ਸਮਝ ਆਵੇ ਜਾਂ ਨਾ ਆਵੇ ਪਰ ਰੱਟਾ ਤਾਂ ਲਗਾਉਣਾ ਹੀ ਪੈਂਦਾ ਹੈ ਤੇ ਸਿੱਟਾ ਅਸੀਂ ਜਾਣਦੇ ਹਾਂ ਇਹਨਾ ਨੂੰ ਲਾਗੂ ਕਰਵਾਉਣ ਲਈ ਫਿਰ ਕਮੇਟੀਆਂ ਬਣਾਇਆਂ ਜਾਂਦੀਆਂ ਹਨ ਮੈਨੇਜਰ ਨਿਯੁਕਤ ਕੀਤੇ ਜਾਂਦੇ ਹਨ ਤੇ ਅਨੁਸ਼ਾਸਨ ਦੇ ਨਾਂ ਤੇ ਸਖਤੀ ਵਰਤੀ ਜਾਂਦੀ ਹੈ। ਪਰ ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਪੈਸੇ ਨਾਲ ਤੁਸੀਂ ਕੁੱਤਾ ਤਾਂ ਖਰੀਦ ਸਕਦੇ ਹੋ ਪਰ ਪੂੰਛ ਨਹੀਂ ਹਿਲਵਾ ਸਕਦੇ। ਇਸ ਲਈ ਤੁਹਾਨੂੰ ਉਸਦੇ ਮਨ ਵਿੱਚ ਭਾਵਨਾ ਪੈਦਾ ਕਰਨੀ ਪਵੇਗੀ। ਜਦੋਂ ਕੋਈ ਫੈਸਲਾ ਸਾਰੇ ਪਹਿਲੂ ਵਿਚਾਰ ਕੇ ਸਾਰੇ ਮਿਲ ਕੇ ਕਰਦੇ ਹਨ ਤਾਂ ਉਹ ਸਮੂਹਿਕ ਫੈਸਲਾ ਬਣ ਜਾਂਦਾ ਹੈ ਤੇ ਉਸਨੂੰ ਲਾਗੂ ਕਰਨ ਦੀ ਜਿੰਮੇਵਾਰੀ ਵੀ ਸਾਰਾ ਸਮੂਹ ਮਹਿਸੂਸ ਕਰਦਾ ਹੈ, ਜੋ ਲੋਕ ਇਹ ਸਿਧਾਂਤ ਸਮਝ ਜਾਂਦੇ ਹਨ ਉਹਨਾਂ ਨੂੰ ਆਪਣੇ ਪਰਿਵਾਰ, ਵਪਾਰ ਤੇ ਜਿੰਦਗੀ ਦੀਆਂ ਵੱਡੀ ਤੋਂ ਵੱਡੀ ਸਮੱਸਿਆਵਾਂ ਨੂੰ ਵੀ ਹੱਲ ਕਰਨ ਦੀ ਚਾਬੀ ਮਿਲ ਜਾਂਦੀ ਹੈ।     

 

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ