Latest

ਜਿੱਤ ਦੀਆਂ ਕਿਸਮਾਂ | Types of Victory


5/6/2019 | by : P K sharma | 👁1542


ਹਰ ਇਨਸਾਨ ਜਿੱਤਣ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ। ਕੁੱਲ ਦੁਨੀਆਂ ਜਿੱਤ ਦੇ ਪ੍ਰਭਾਵ ਨਾਲ ਚਮਤਕਰਿਤ ਰਹਿੰਦੀ ਹੈ। ਜੋ ਜਿੱਤਿਆ ਉਹੀ ਸਿਕੰਦਰ ਕਹਾਵਤ ਵੀ ਮਨੁੱਖ ਦੀ ਇਸੇ ਮਨੋਦਸ਼ਾ ਨੂੰ ਦਰਸਾਉਂਦੀ ਹੈ। ਇਸ ਸੰਸਾਰ ਵਿੱਚ ਜਿੱਤਣ ਦੇ ਬਹੁਤ ਮਾਇਨੇ ਹਨ। ਜਿੱਤਣ ਤੋਂ ਬਾਅਦ ਇਨਸਾਨ ਦੇ ਰੁਤਬੇ ਤੇ ਸ਼ੋਹਰਤ ਨੂੰ ਖੰਭ ਲੱਗ ਜਾਂਦੇ ਹਨ ਤੇ ਉਹ ਅੰਬਰੀ ਉਡਾਰੀਆਂ ਮਾਰਦਾ ਹੈ। ਜਿੱਤ ਨੂੰ ਲੋਕ ਸਰਵੋਤਮ ਮੰਨਦੇ ਹਨ। ਪਰ ਕੀ ਹਰ ਜਿੱਤ ਸਰਵੋਤਮ ਹੁੰਦੀ ਹੈ? ਇਸਦਾ ਫੈਸਲਾ ਤੁਸੀਂ ਆਪ ਹੀ ਕਰਨਾ ਹੈ। ਆਓ ਅੱਜ ਜਾਣਦੇ ਹਾਂ ਕਿ ਜਿੱਤ ਕਿੰਨੇ ਤਰੀਕੇ ਦੀ ਹੁੰਦੀ ਹੈ ਤੇ ਸਾਰਥਕ ਜਿੱਤ ਕਿਸਨੂੰ ਕਹਿੰਦੇ ਹਨ।


thumbnail06-05-2019 07-07-02 PM240_F_94348741_HxiK98NSJQDWKJbiCGAN0jdtzbO0GfKN.jpg


ਜਿੱਤ/ਹਾਰ

        ਇਸ ਕਿਸਮ ਦੀ ਜਿੱਤ ਸਮਾਜ ਵਿੱਚ ਆਮ ਵਰਤਾਰਾ ਹੈ। ਜਿੱਤ/ਹਾਰ ਵਿੱਚ ਜਿੱਤਣ ਵਾਲੇ ਦੀ ਜਿੱਤ ਕਿਸੇ ਦੀ ਹਾਰ ਉਤੇ ਨਿਰਭਰ ਕਰਦੀ ਹੈ। ਜੇ ਕੋਈ ਹਾਰਦਾ ਹੈ ਤਾਂ ਹੀ ਕੋਈ ਜਿੱਤਦਾ ਹੈ। ਮੰਨ ਲਵੋ ਕੋਈ ਕਿਸੇ ਰੇਸ ਵਿੱਚ ਕੋਈ ਫਸਟ ਆਇਆ ਹੈ, ਹੁਣ ਜੇ ਕੋਈ ਦੂਜੇ, ਤੀਜੇ ਜਾਂ ਕਿਸੇ ਹੋਰ ਪਿਛਲੇ ਨੰਬਰ ‘ਤੇ ਆਇਆ ਹੈ ਤਾਂ ਹੀ ਕੋਈ ਪਹਿਲੇ ਨੰਬਰ ‘ਤੇ ਆ ਸਕਦਾ ਹੈ। ਸੋ ਬਾਕੀਆਂ ਦੀ ਹਾਰ ਨੇ ਕਿਸੇ ਦੀ ਜਿੱਤ ਨੂੰ ਜਿੱਤ ਬਣਾਇਆ ਹੈ। ਜਿਆਦਾਤਰ ਲੋਕ ਆਪਣੀਆਂ ਵਪਾਰਕ ਹਾਲਤਾਂ ਵਿੱਚ ਵੀ ਇਸੇ ਤਰੀਕੇ ਨੂੰ ਵਰਤਦੇ ਹਨ। ਜਿਵੇਂ ਕਿ ਇੱਕ ਫੈਕਟਰੀ ਮਾਲਕ ਨੇ ਆਪਣੇ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਸਭ ਤੋਂ ਜਿਆਦਾ ਉਤਪਾਦਨ ਕਰਨ ਵਾਲੇ ਮੁੱਢਲੇ 20 ਵਰਕਰਾਂ ਨੂੰ ਤੋਹਫੇ ਦੇਣ ਦਾ ਐਲਾਨ ਕੀਤਾ। ਉਸ ਫੈਕਟਰੀ ਵਿੱਚ 400 ਬੰਦੇ ਕੰਮ ਕਰਦੇ ਹਨ ਤੇ ਉੱਪਰਲੇ ਸਭ ਤੋਂ ਜਿਆਦਾ ਉਤਪਾਦਨ ਕਰਨ ਵਾਲੇ 20 ਵਰਕਰ ਇਨਾਮ ਜਿੱਤ ਜਾਂਦੇ ਹਨ ਪਰ ਬਾਕੀ 380 ਦੀ ਤਾਂ ਹਾਰ ਹੋਈ ਹੈ। ਇਹ ਵਰਤਾਰਾ ਉਹਨਾਂ ਵਿੱਤ ਹੀਨ ਭਾਵਨਾ ਭਰ ਦੇਵੇਗਾ ਤੇ ਉਹ ਆਪਣੇ ਆਪ ਨੂੰ ਕਮਜ਼ੋਰ ਮੰਨ ਲੈਣਗੇ। ਇਹ ਤੁਲਨਾ ‘ਤੇ ਨਿਰਭਰ ਕਰਦੀ ਹੈ। ਬਚਪਨ ਤੋਂ ਹੀ ਇਸਦੇ ਬੀਜ ਇਨਸਾਨ ਵਿੱਚ ਬੀਜੇ ਜਾਂਦੇ ਹਨ। ਜਦੋਂ ਮਾਂ ਬਾਪ ਬੱਚੇ ਦੀ ਤੁਲਨਾ ਦੂਜੇ ਬੱਚਿਆਂ ਨਾਲ ਕਰਦੇ ਹਨ। ਹਰ ਇੱਕ ਇਨਸਾਨ ਵਿਲੱਖਣ ਹੁੰਦਾ ਹੈ ਪਰ ਇਹ ਕਿਸਮ ਇਸ ਮੂਲ ਮੰਤਰ ਨੂੰ ਦਰਕਿਨਾਰ ਕਰ ਦਿੰਦੀ ਹੈ।

 

ਹਾਰ/ਜਿੱਤ

        ਜਿੱਤ ਦੀ ਇਹ ਉਹ ਕਿਸਮ ਹੈ ਜਿਸ ਵਿੱਚ ਇਕ ਇਨਸਾਨ ਕਿਸੇ ਦੂਜੇ ਇਨਸਾਨ ਦੀ ਜਿੱਤ ਲਈ ਸਵੈਇੱਛਾ ਨਾਲ ਹਾਰ ਜਾਂਦਾ ਹੈ। ਇਸ ਵਿੱਚ ਹਾਰਨ ਵਾਲਾ ਕਹਿੰਦਾ ਹੈ

ਮੈਂ ਹਾਰ ਜਾਂਦਾ ਹਾਂ, ਤੁਸੀਂ ਜਿੱਤ ਜਾਓ

  ਦਰਅਸਲ ਇਸ ਕਿਸਮ ਵਿੱਚ ਹਾਰਨ ਵਾਲੇ ਲੋਕ ਬਹੁਤ ਭਾਵੁਕ ਹੁੰਦੇ ਹਨ, ਉਹਨਾਂ ਦਾ ਕੋਈ ਮਾਪਦੰਡ, ਮੰਗ ਜਾਂ ਦ੍ਰਿਸ਼ਟੀ ਨਹੀਂ ਹੁੰਦੀ। ਉਹ ਦੂਜਿਆਂ ਨੂੰ ਖੁਸ਼ ਕਰਨ ਵਿੱਚ ਹੀ ਜਿੰਦਗੀ ਗੁਜ਼ਾਰ ਲੈਂਦੇ ਹਨ। ਉਹ ਚਾਹੁੰਦੇ ਹਨ ਕਿ ਲੋਕ ਉਹਨਾਂ ਬਾਰੇ ਬੁਰਾ ਨਾ ਸੋਚਣ ਤੇ ਹਰ ਪਾਸੇ ਉਹਨਾਂ ਦੀ ਚੰਗਿਆਈ ਹੋਵੇ। ਥੋੜੀ ਜਿਹੀ ਗੱਲ ਵੀ ਉਹਨਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਉਹਨਾਂ ਨੂੰ ਦੂਜਿਆਂ ਵਲੋਂ ਸਵੀਕਾਰੇ ਜਾਣ ਨਾਲ ਹੀ ਸ਼ਕਤੀ ਪ੍ਰਾਪਤ ਹੁੰਦੀ ਹੈ। ਭਾਵਨਾਤਮਕ ਤੌਰ ‘ਤੇ ਅਜਿਹੇ ਲੋਕ ਦੂਜਿਆਂ ‘ਤੇ ਨਿਰਭਰ ਕਰਦੇ ਹਨ। ਉਹਨਾਂ ਨੂੰ ਇਸ ਨਾਲ ਬਹੁਤ ਫਰਕ ਪੈਂਦਾ ਹੈ ਕਿ ਲੋਕ ਉਹਨਾਂ ਬਾਰੇ ਕੀ ਸੋਚਦੇ ਹਨ। ਹਾਰ/ਜਿੱਤ ਕਿਸਮ ਵਿੱਚ ਲੋਕ ਚੰਗਾ ਅਖਵਾਉਣਾ ਚਾਹੁੰਦੇ ਹਨ ਇਸ ਲਈ ਭਾਵੇਂ ਉਹ ਅਖ਼ੀਰ ਵਿੱਚ ਰਹਿ ਜਾਣ। ਆਪਣੇ ਵਲੋਂ ਕੀਤੇ ਗਏ ਬਲਿਦਾਨ ਬਦਲੇ ਜਦੋਂ ਉਹਨਾਂ ਨੂੰ ਮਨਮਾਫਿਕ ਪ੍ਰਸ਼ੰਸਾ ਨਹੀਂ ਮਿਲਦੀ ਤਾਂ ਉਹ ਗਹਿਰੀ ਨਿਰਾਸ਼ਾ ਵੱਲ ਚਲੇ ਜਾਂਦੇ ਹਨ। ਹਾਰ/ਜਿੱਤ, ਜਿੱਤ/ਹਾਰ ਤੋਂ ਵੀ ਜਿਆਦਾ ਗੰਭੀਰ ਮਸਲਾ ਹੈ। ਇਸ ਵਿੱਚ  ਹਾਰਨ ਵਾਲਾ ਅਕਸਰ ਮਨੋਵਿਗਿਆਨਿਕ ਤੌਰ ਤੇ ਆਤਮ ਨਿਰਭਰ ਨਹੀਂ ਹੁੰਦਾ ਤੇ ਉਹ ਆਪਣੀਆਂ ਭਾਵਨਾਵਾਂ ਨੂੰ ਪ੍ਰਦਰਸ਼ਿਤ ਨਹੀਂ ਕਰ ਪਾਉਂਦਾ। ਕੁੱਝ ਸਸੇਂ ਬਾਅਦ ਇਸ ਸਭ ਦਾ ਉਸਦੀ ਜਿੰਦਗੀ ‘ਤੇ ਬਹੁਤ ਬੁਰਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ।

 

ਹਾਰ/ਹਾਰ

ਇਹ ਓਹ ਕਿਸਮ ਹੈ ਜਿਸ ਵਿੱਚ ਇੱਕ ਇਨਸਾਨ ਇਹ ਸੋਚਦਾ ਹੈ ਭਾਂਵੇ ਉਹ ਆਪ ਸਭ ਕੁੱਝ ਹਾਰ ਜਾਏ ਪਰ ਕੋਈ ਦੂਜਾ (ਜਿਸ ਬਾਰੇ ਉਹ ਸੋਚਦਾ ਹੈ) ਨਾ ਜਿੱਤੇ। ਜਿੱਤ ਦੀ ਇਹ ਸਭ ਤੋਂ ਨੈਗੇਟਿਵ ਕਿਸਮ ਹੈ। ਇਸ ਵਿੱਚ ਇਨਸਾਨ ਕਿਸੇ ਦੀ ਹਾਰ ਲਈ ਆਪਣਾ ਸਭ ਕੁੱਝ ਹਾਰਨ ਨੂੰ ਤਿਆਰ ਹੋ ਜਾਂਦਾ ਹੈ। ਅਜਿਹੀਆਂ ਅਨੇਕਾਂ ਉਦਾਹਰਣਾ ਹਰ ਇੱਕ ਦੀ ਜਿੰਦਗੀ ਵਿੱਚ ਹੁੰਦੀਆਂ ਹਨ। ਇਸ ਕਿਸਮ ਵਿੱਚ ਈਰਖਾ ਤੇ ਹੰਕਾਰ ਇਸਦਾ ਮੁੱਖ ਕਾਰਣ ਹੁੰਦਾ ਹੈ ਤੇ ਇਹ ਧਾਰਣਾਵਾਂ ਇਨਸਾਨ ਦੇ ਵਿਵੇਕ ਨੂੰ ਵਿਕਸਿਤ ਨਹੀਂ ਹੋਣ ਦਿੰਦੀਆਂ ਜਿਸ ਵਜ੍ਹਾ ਨਾਲ ਉਹ ਸਹੀ ਫੈਸਲੇ ਲੈਣ ਵਿੱਚ ਅਸਮਰਥ ਹੁੰਦਾ ਹੈ। ਇਸ ਵਿੱਚ ਇਨਸਾਨ ਲਗਭਗ ਅੰਨ੍ਹਾ ਹੋ ਜਾਂਦਾ ਹੈ। ਅਜਿਹੇ ਇਨਸਾਨ ਵਿੱਚ ਅੰਦਰੂਨੀ ਦਿਸ਼ਾ ਗਿਆਨ ਨਹੀਂ ਹੁੰਦਾ ਤੇ ਉਹ ਸੋਚਦਾ ਹੈ ਕਿ ਜੇ ਕੋਈ ਵੀ ਨਾ ਜਿੱਤੇ ਤਾਂ ਹਾਰ ਕੋਈ ਬੁਰੀ ਚੀਜ਼ ਨਹੀਂ।


ਜਿੱਤ

ਇਕ ਹੋਰ ਵਿਕਲਪ ਹੈ ਕਿ ਸਿਰਫ ਜਿੱਤ ਬਾਰੇ ਸੋਚਣਾ। ਅਜਿਹੇ ਲੋਕ ਕਿਸੇ ਦੀ ਹਾਰ ਨਹੀਂ ਚਾਹੁੰਦੇ। ਕਿਸੇ ਹੋਰ ਗੱਲ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮੁੱਖ ਗੱਲ ਤਾਂ ਬਸ ਇਹ ਹੈ ਕਿ ਉਹਨਾਂ ਨੂੰ ਉਹ ਸਭ ਮਿਲ ਜਾਵੇ ਜਿਸਨੂੰ ਉਹ ਚਾਹੁੰਦੇ ਹਨ। ਜਦੋਂ ਕੋਈ ਕੰਪੀਟੀਸ਼ਨ ਨਾ ਹੋਵੇ ਤਾਂ ਇਹ ਕਿਸਮ ਮਨੁੱਖ ਦਾ ਆਮ ਵਰਤਾਰਾ ਹੁੰਦੀ ਹੈ। ਅਜਿਹੀ ਮਾਨਸਿਕਤਾ ਵਾਲੇ ਲੋਕ ਸਿਰਫ ਆਪਣਾ ਹਿੱਤ ਸੁਰਖਿਅਤ ਰੱਖਣ ਬਾਰੇ ਸੋਚਦੇ ਹਨ ਤੇ ਦੂਜਿਆਂ ਦੇ ਹਿੱਤ ਉਹਨਾਂ ‘ਤੇ ਛੱਡ ਦਿੰਦੇ ਹਨ। ਉਹ ਹੋਰ ਕਿਸੇ ਲਈ ਕੁੱਝ ਨਹੀਂ ਕਰਨਾ ਚਾਹੁੰਦੇ ਬਸ਼ਰਤੇ ਉਹਨਾਂ ਨੂੰ ਉਸ ਨਾਲ ਉਹਨਾਂ ਦੇ ਖੁਦ ਦੇ ਹਿੱਤਾਂ ਨੂੰ ਫਰਕ ਨਾ ਪੈਂਦਾ ਹੋਵੇ।

 

ਜਿੱਤ/ਜਿੱਤ

ਜਿੱਤ/ਜਿੱਤ ਉਹ ਪਰਿਸਥਿਤੀ ਹੈ ਜਿਸ ਵਿੱਚ ਇਨਸਾਨ ਹਰ ਕਿਸੇ ਦੀ ਜਿੱਤ ਚਾਹੁੰਦਾ ਹੈ। ਜਿੱਤ/ਜਿੱਤ ਜਿੰਦਗੀ ਨੂੰ ਪ੍ਰਤਿਯੋਗੀ ਦੇ ਰੂਪ ਵਿਚ ਨਾ ਵੇਖ ਕੇ ਸਹਿਯੋਗੀ ਦੇ ਰੂਪ ਵਿੱਚ ਵੇਖਦੀ ਹੈ। ਇਸ ਵਿੱਚ ਰਿਜ਼ਲਟ ਆਉਣ ਤੇ ਸਾਰੇ ਪੱਖ ਖੁਸ਼ ਹੁੰਦੇ ਹਨ ਤੇ ਚੰਗਾ ਮਹਿਸੂਸ ਕਰਦੇ ਹਨ। ਜਿੱਤ/ਜਿੱਤ ਚਰਿੱਤਰ ਦੀ ਸਭ ਤੋਂ ਉਚੀ ਅਵਸਥਾ ਹੈ ਜਿਥੇ ਇਨਸਾਨ ਦੂਜੇ ਇਨਸਾਨ ਨੂੰ ਆਪਣਾ competitor ਨਹੀਂ ਸਹਿਯੋਗੀ ਮੰਨਦਾ ਹੈ। ਅਜਿਹੀ ਹਾਲਾਤ ਵਿੱਚ ਹਮੇਸ਼ਾ ਸਾਰਥਕ ਸਿੱਟੇ ਮਿਲਦੇ ਹਨ। ਭਾਂਵੇ ਕਿ ਇਸਦਾ ਪਾਲਨ ਕਰਨਾ ਕੋਈ ਸੌਖਾ ਕੰਮ ਨਹੀਂ ਇਸ ਲਈ ਬਹੁਤ ਕੋਸ਼ਿਸ਼ ਕਰਨੀ ਪੈਂਦੀ ਹੈ ਪਰ ਇੱਕ ਵਾਰ ਇਸਦੀ ਲੀਹ ਬਣਾ ਲਈ ਜਾਵੇ ਤਾਂ ਇਹ ਸਾਨੂੰ ਇੱਕ ਨਵੇਂ ਮੁਕਾਮ ਤੱਕ ਲੈ ਕੇ ਜਾਵੇਗੀ, ਜਿਥੇ ਕੋਈ competition ਨਹੀਂ ਸਭ ਇੱਕ ਦੂਜੇ ਦੀ ਸਫਲਤਾ ਲਈ ਕੰਮ ਕਰਦੇ ਹਨ। ਜਿੱਤ/ਜਿੱਤ ਵਿੱਚ ਇਨਸਾਨ ਸਿਰਫ ਆਪਣੀ ਜਿੱਤ ਬਾਰੇ ਹੀ ਨਹੀਂ ਸੋਚਦਾ ਬਲਕਿ ਉਹ ਸਮੂਹਿਕ ਜਿੱਤ ਬਾਰੇ ਸੋਚਦਾ ਤੇ ਕੰਮ ਕਰਦਾ ਹੈ।


ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂRaman Kashyap |

I like your all thoughts. please send me your latest updates. Thank you very much