ਟੀਚਰ ਪਤਨੀ ਨੇ ਕਿਹਾ, “ਮੈਂ ਸਵੇਰੇ ਬੱਚਿਆਂ ਨੂੰ ਮੇਰੀ ਇੱਛਾ 'ਤੇ ਕੁੱਝ ਲਾਈਨਾਂ ਲਿਖਣ ਲਈ ਦਿੱਤੀਆਂ ਸਨ, ਉਨ੍ਹਾਂ ਵਿੱਚੋਂ ਇੱਕ ਬੱਚੇ ਨੇ ਲਿਖਿਆ ਹੈ ਕਿ ਭਗਵਾਨ ਉਸਨੂੰ ਟੈਲੀਵਿਜ਼ਨ ਬਣਾ ਦੇਵੇ।” ਉਸ ਦੀ ਗੱਲ ਸੁਣ ਕੇ ਉਸਦਾ ਪਤੀ ਹੱਸ ਪਿਆ, ਉਸ ਟੀਚਰ ਨੇ ਕਿਹਾ ਕਿਰਪਾ ਕਰਕੇ ਅੱਗੇ ਵੀ ਸੁਣੋ, “ਬੱਚਾ ਲਿਖਦਾ ਹੈ,
ਜੇ ਮੈਂ ਟੀਵੀ ਬਣ ਗਿਆ, ਘਰ ਵਿੱਚ ਮੇਰੀ ਇੱਕ ਖ਼ਾਸ ਥਾਂ ਹੋਵੇਗੀ, ਸਾਰਾ ਟੱਬਰ ਮੇਰੇ ਆਲੇ ਦੁਆਲੇ ਰਹੇਗਾ, ਜਦੋਂ ਮੈਂ ਬੋਲਾਂਗਾ ਤਾਂ ਸਾਰੇ ਮੈਨੂੰ ਧਿਆਨ ਨਾਲ ਸੁਣਨਗੇ, ਕੋਈ ਮੈਨੂੰ ਰੋਕੇਗਾ ਨਹੀਂ ਤੇ ਕੋਈ ਮੇਰੇ ਤੋਂ ਉਲਟੇ ਸਿੱਧੇ ਸਵਾਲ ਨਹੀਂ ਪੁੱਛੇਗਾ, ਜੇ ਮੈਂ ਟੀਵੀ ਬਣ ਗਿਆ ਆਫਿਸ ਤੋਂ ਆ ਕੇ ਥੱਕੇ ਹੋਏ ਹੋਣ ਦੇ ਬਾਵਜੂਦ ਪਾਪਾ ਮੇਰੇ ਨਾਲ ਬੈਠਣਗੇ, ਜਦੋਂ ਮੰਮੀ ਨੂੰ ਕੋਈ ਟੈਂਸ਼ਨ ਹੋਵੇਗੀ ਤਾਂ ਉਹ ਮੈਨੂੰ ਡਾਂਟੇਗੀ ਨਹੀਂ ਸਗੋਂ ਉਹ ਮੇਰੇ ਨਾਲ ਸਮਾਂ ਬਤੀਤ ਕਰੇਗੀ, ਮੇਰੇ ਵੱਡੇ ਭਰਾ ਭੈਣ ਵੀ ਮੇਰੇ ਕੋਲ ਰਹਿਣ ਲਈ ਆਪਸ ਵਿੱਚ ਝਗੜਾ ਕਰਨਗੇ, ਇੱਥੋਂ ਤੱਕ ਕਿ ਜਦੋਂ ਮੈਂ ਬੰਦ ਰਹਾਂਗਾ ਤਾਂ ਵੀ ਮੇਰੀ ਚੰਗੀ ਤਰ੍ਹਾਂ ਦੇਖ ਭਾਲ ਹੋਵੇਗੀ ਅਤੇ ਸਭ ਤੋਂ ਵੱਡੀ ਗੱਲ ਟੀਵੀ ਬਣ ਕੇ ਮੈਂ ਸਭ ਨੂੰ ਖੁਸ਼ੀ ਦੇ ਸਕਾਂਗਾ।”
ਉਸਦੀ ਇਹ ਗੱਲ ਸੁਣ ਕੇ ਉਸਦੇ ਪਤੀ ਨੇ ਥੋੜ੍ਹਾ ਜਿਹਾ ਗੰਭੀਰ ਹੋ ਕੇ ਕਿਹਾ, “ਵਿਚਾਰਾ ਬੱਚਾ, ਪਤਾ ਨਹੀਂ ਉਸਦੇ ਮਾਂ ਬਾਪ ਕਿਉਂ ਉਸ ਨਾਲ ਸਮਾਂ ਬਤੀਤ ਨਹੀਂ ਕਰਦੇ ”
ਟੀਚਰ ਪਤਨੀ ਨੇ ਰੋਂਦੇ ਹੋਏ ਆਪਣੇ ਪਤੀ ਵੱਲ ਵੇਖਿਆ ਅਤੇ ਕਿਹਾ,
“ਜਾਣਦੇ ਹੋ ਇਹ ਬੱਚਾ ਕੌਣ ਹੈ? ਸਾਡਾ ਬੱਚਾ...ਸਾਡਾ ਛੋਟੂ”
ਅਸੀਂ ਵੀ ਅੱਜ ਭੱਜ ਦੌੜ ਦੀ ਜ਼ਿੰਦਗੀ ਵਿੱਚ ਹਮੇਸ਼ਾ ਵਿਅਸਤ ਰਹਿੰਦੇ ਹਾਂ ਅਤੇ ਵਿਹਲੇ ਸਮੇਂ ਜਦੋਂ ਘਰ ਹੁੰਦੇ ਹਾਂ ਤਾਂ ਟੈਲੀਵਿਜ਼ਨ, ਮੋਬਾਈਲ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਰਹਿੰਦੇ ਹਾਂ। ਇਸ ਸਭ ਨਾਲ ਸਾਡੇ ਆਪਸੀ ਰਿਸ਼ਤੇ ਖ਼ਤਮ ਹੁੰਦੇ ਜਾ ਰਹੇ ਹਨ। ਸੋ ਦੋਸਤੋ, ਆਓ ਅਸੀਂ ਯਤਨ ਕਰੀਏ, ਆਪਸੀ ਰਿਸ਼ਤਿਆਂ ਨੂੰ ਸਮਝੀਏ ਤੇ ਪੂਰਾ ਸਮਾਂ ਦੇਈਏ ਤਾਂ ਜੋ ਕਿਸੇ ਛੋਟੂ ਨੂੰ ਟੀਵੀ ਬਣਨ ਬਾਰੇ ਨਾ ਸੋਚਣਾ ਪਵੇ।